ਧਰਨਿਆਂ ਨਾਲ ਅਕਾਲੀ ਦਲ ਰਾਜਨੀਤਕ ਸ਼ਾਖ਼ ਦੀ ਬਹਾਲੀ ਲਈ ਕਰ ਰਿਹੈ ਵਿਅਰਥ ਯਤਨ-ਹਰੀ ਸਿੰਘ ਖਾਈ

ਮੋਗਾ, 20 ਦਸੰਬਰ (ਜਸ਼ਨ) ਧਰਨਿਆਂ ਨਾਲ ਅਕਾਲੀ ਦਲ ਰਾਜਨੀਤਕ ਸ਼ਾਖ਼ ਦੀ ਬਹਾਲੀ ਲਈ ਵਿਅਰਥ ਯਤਨ ਕਰ ਰਿਹੈ ਪਰ ਲੋਕ ਨਾ ਤਾਂ ਅਕਾਲੀ ਭਾਜਪਾ ਗੱਠਜੋੜ ਦੇ ਮਾਫੀਆ ਰਾਜ ਨੂੰ ਭੁੱਲੇ ਹਨ ਤੇ ਨਾ ਹੀ ਹੱਕ ਮੰਗਦੇ ਲੋਕਾਂ ਦੀ ਕੁੱਟਮਾਰ ਉਹਨਾਂ ਦੇ ਚੇਤਿਆਂ ਵਿਚੋਂ ਵਿਸਰੀ ਹੈ ਅਤੇ ਇਹੀ ਕਾਰਨ ਹੈ ਕਿ ਨਗਰ ਕੌਂਸਲ ਚੋਣਾਂ ਦਰਮਿਆਨ ਅਕਾਲੀ ਦਲ ਵਲੋਂ ਲਗਾਏ ਗਏ ਧਰਨਿਆਂ ਨੂੰ ਲੋਕਾਂ ਨੇ ਡਰਾਮਾ ਕਰਾਰ ਦਿੱਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਾਟ ਮਹਾਂ ਸਭਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਕਾਂਗਰਸ ਦੇ ਸੀਨੀਅਰ ਆਗੂ ਹਰੀ ਸਿੰਘ ਖਾਈ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਮਗਰੋਂ ਹੋਈ ਹਾਰ ਨੇ ਅਕਾਲੀ ਦਲ ਨੂੰ ਹਾਸ਼ੀਏ ਤੇ ਕਰ ਦਿੱਤਾ ਹੈ ਅਤੇ ਹੁਣ ਆਪਣੀ ਖੁੱਸੀ ਸਾਖ਼ ਨੂੰ ਬਹਾਲ ਕਰਨ ਲਈ ਹੀ ਅਕਾਲੀ ਦਲ ਅਜਿਹੀਆਂ ਨੀਤੀਆਂ ਘੜ ਰਿਹਾ ਹੈ, ਪ੍ਰੰਤੂ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਦੌਰਾਨ ਸੂਬੇ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਖਤਮ ਕਰਨ ਲਈ ਬਣਾਈਆਂ ਗਈਆਂ ਮਾੜੀਆਂ ਨੀਤੀਆਂ ਨੂੰ ਭੁੱਲੇ ਨਹੀ ਹਨ ਅਤੇ ਉਹ ਅਕਾਲੀ ਦਲ ਦੀਆਂ ਅਜਿਹੀਆਂ ਗੱਲਾਂ ਵਿਚ ਕਦੇ ਵੀ ਨਹੀਂ ਆਉਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਬਣਾਈਆਂ ਲੋਕ ਪੱਖੀ ਨੀਤੀਆਂ ਨਾਲ ਚਟਾਨ ਦੀ ਤਰਾਂ ਖੜੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸਰਕਾਰ ਬਨਣ ਤੋਂ ਬਾਅਦ ਲਏ ਗਏ ਪੰਜਾਬ ਹਿਤੈਸ਼ੀ ਫੈਸਲਿਆਂ ਕਰਕੇ ਹੀ ਪੰਜਾਬੀਆਂ ਨੇ ਵਿਧਾਨ ਸਭਾ ਚੋਣਾਂ ਮਗਰੋਂ ਗੁਰਦਾਸਪੁਰ ਜ਼ਿਮਨੀ ਚੋਣ, ਨਿਗਮਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ ’ਚ ਵੀ ਕਾਂਗਰਸ ਦੇ ਹੱਕ ‘ਚ ਵੱਡਾ ਫਤਵਾ ਦਿੱਤਾ ਹੈ। ਉਨਾਂ ਦਾਅਵਾ ਕੀਤਾ ਕਿ ਆਲ ਇੰਡੀਆ ਕਾਂਗਰਸ ਦੀ ਕਮਾਂਡ ਨੌਜਵਾਨ ਆਗੂ ਰਾਹੁਲ ਗਾਂਧੀ ਦੇ ਹੱਥ ਆਉਣ ਨਾਲ ਦੇਸ ਭਰ ਵਿਚ ਕਾਂਗਰਸ ਨੂੰ ਮਜਬੂਤੀ ਮਿਲੇਗੀ ਅਤੇ ਪਾਰਟੀ ਸ੍ਰੀ ਗਾਂਧੀ ਦੀ ਅਗਵਾਈ ਹੇਠ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰੀ ਸੱਤਾ ਸੰਭਾਲਦਿਆਂ ਦੇਸ਼ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਵਿਚ ਸਫ਼ਲ ਹੋਵੇਗੀ ।


