ਡਰੋਲੀ ਭਾਈ ਵਿਖੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ , 7 ਰੋਜ਼ਾ ਲਗਾਏ ਡਾਕਟਰੀ ਕੈਂਪ ’ਚ 7600 ਤੋਂ ਵੱਧ ਮਰੀਜ਼ਾਂ ਦਾ ਕੀਤਾ ਗਿਆ ਨਿਰੀਖਣ

ਡਰੋਲੀ ਭਾਈ,9 ਫਰਵਰੀ (ਜਸ਼ਨ)-ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਸੱਤਵੇਂ ਪਾਤਿਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਤਿਗੁਰੂ ਜੀ ਦੇ ਹੀ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ,ਸੱਤਵੀਂ ,ਨੌਵੀਂ ਦੀ ਰਹਨੁਮਾਈ ਹੇਠ ਮਨਾਇਆ ਗਿਆ । ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਦੀ ਦੇਖ ਰੇਖ ਹੇਠ ‘ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਦੀਵਾਨ ਹਾਲ ’ ’ਚ ਸਜੇ ਗੁਰਮਤਿ ਸਮਾਗਮ ਵਿਚ ਭਾਈ ਬਾਬਕ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਾਗ ਅਧਾਰਿਤ ਗੁਰਸ਼ਬਦ ਕੀਰਤਨ,ਪੰਥ ਪ੍ਰਸਿੱਧ ਵਿਦਵਾਨਾਂ ਗਿਆਨੀ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥੇ ,ਗਿਆਨੀ ਲਖਮੀਰ ਸਿੰਘ ਮਸਤ ,ਗਿਆਨੀ ਜੋਗਾ ਸਿੰਘ ਭਾਗੋਵਾਲ ਦੇ ਕਵੀਸ਼ਰੀ ਜਥਿਆਂ ਅਤੇ ਕਥਾਵਾਚਕ ਗਿਆਨੀ ਗੁਰਬਚਨ ਸਿੰਘ ਕਲਸੀਆਂ ਵੱਲੋਂ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿਚੋਂ ਗੁਰੂ ਇਤਿਹਾਸ ,ਗੁਰਮਤਿ ਵਿਚਾਰਾਂ ਤੇ ਕਵੀਸ਼ਰੀ ਵਾਰਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸਮਾਗਮ ਦੇ ਅਖੀਰ ਵਿਚ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਡਰੋਲੀ ਭਾਈ ਵੱਲੋਂ ਉਕਤ ਵਿਦਿਵਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਲਗਾਏ ਗਏ 7 ਰੋਜ਼ਾ ਮੈਡੀਕਲ ਕੈਂਪ ’ਚ ਨਿਪੰੁਨ ਡਾਕਟਰੀ ਟੀਮਾਂ ਵੱਲੋਂ 7655 ਮਰੀਜ਼ਾਂ ਦਾ ਨਿਰੀਖਣ ਕਰਕੇ ਮੁਫ਼ਤ ਦਵਾਈਆਂ ਦੀ ਸੇਵਾ ਕੀਤੀ ਗਈ ।


