ਪੰਜਾਬ ਸਰਕਾਰ ਵੱਲੋਂ ਪਸ਼ੂ-ਪਾਲਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰਣ, ਪਸ਼ੂ-ਧਨ ਦੀ ਸਿਹਤ ਸੰਭਾਲ ਲਈ ਦਿੱਤੀਆਂ ਜਾ ਰਹੀਆਂ ਨੇ ਸਹੂਲਤਾਂ

ਮੋਗਾ 9 ਫ਼ਰਵਰੀ(ਜਸ਼ਨ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਸ਼ੂ-ਪਾਲਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰਣ ਅਤੇ ਪਸ਼ੂ-ਧਨ ਦੀ ਸਿਹਤ ਸੰਭਾਲ ਦੇ ਮਕਸਦ ਨਾਲ ਹਰ ਤਰਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਸ਼ੂ-ਧਨ ਤੰਦਰੁਸਤ ਰਹੇ ਅਤੇੇ ਕਿਸਾਨ ਤੇ ਹੋਰ ਪਸ਼ੂ-ਪਾਲਕ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾ ਕੇ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਣ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਜ਼ਿਲਾ ਮੋਗਾ ਦੇੇ ਪਿੰਡਾਂ ’ਚ ਹੁਣ ਤੱਕ ਕਰੀਬ 3 ਲੱਖ ਪਸ਼ੂਆਂ ਨੂੰ ਗਲ-ਘੋਟੂ ਅਤੇ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਮੋਗਾ ਜ਼ਿਲੇ ਦੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਦੇ ਆਰਥਿਕ ਅਤੇ ਸਮਾਜਿਕ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੇਂ-ਸਮੇਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪਸ਼ੂ ਪਾਲਣ ਦੇ ਕਿੱਤੇ ਨੂੰ ਸਹਾਇਕ ਧੰਦੇ ਵੱਜੋਂ ਅਪਣਾ ਕੇ ਜ਼ਿਲੇ ਦੇ ਪਸ਼ੂ ਪਾਲਕ ਆਪਣੀ ਆਮਦਨ ਵਿੱਚ ਚੋੌਖਾ ਵਾਧਾ ਕਰ ਸਕਦੇ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ: ਗੁਰਮੀਤ ਸਿੰਘ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲੇ ‘ਚ ਬਰੂਸੀਲੋਸਿਸ ਬਿਮਾਰੀ ਤੋਂ ਬਚਾਓ ਲਈ 4,400 ਪਸ਼ੂਆਂ ਨੂੰ ਟੀਕੇ ਲਗਾਏ ਗਏ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਵਿਭਾਗ ਵੱਲੋਂ 65,793 ਗਾਂਵਾਂ ਨੂੰ ਵਿਦੇਸ਼ੀ ਅਤੇ ਹੋਰ ਟੀਕੇ ਲਗਾ ਕੇ ਪਸ਼ੂ ਪਾਲਕਾਂ ਨੂੰ ਨਸਲ ਸੁਧਾਰ ਦਾ ਨਵਾਂ ਰਾਹ ਵਿਖਾਇਆ ਹੈ ਅਤੇ 59,161 ਮੱਝਾਂ ਨੂੰ ਮਨਸੂਈ ਗਰਭਦਾਨ ਦੇ ਟੀਕੇ ਲਗਾ ਕੇ ਚਿੱਟੀ ਕ੍ਰਾਂਤੀ ਦੀ ਨੀਂਹ ਮਜ਼ਬੂਤ ਕੀਤੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲੇ ਅੰਦਰ ਪਸ਼ੂ-ਧਨ ਦੀ ਸੰਭਾਲ ਅਤੇ ਬਿਮਾਰੀਆਂ ਤੋਂ ਬਚਾਅ ਤੇ ਇਲਾਜ ਸਬੰਧੀ 1,164 ਪਸ਼ੂ ਭਲਾਈ ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ ਜ਼ਿਲੇ ਦੇ ਪਸ਼ੂ-ਪਾਲਕ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਬਣਾਈ ਰੱਖਣ, ਤਾਂ ਜੋ ਉਨਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀ ਜਾ ਰਹੀ ਸਬਸਿਡੀ, ਪਸ਼ੂਆਂ ਦੀ ਵੈਕਸੀਨ ਅਤੇ ਪਸ਼ੂਆਂ ਅੰਦਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਮਿਲ ਸਕੇ।


