ਨਰੋਏ ਸਮਾਜ ਦੀ ਸਿਰਜਨਾ ਲਈ ਨੌਜਵਾਨ ਖੇਡਾਂ ਵੱਲ ਵੀ ਧਿਆਨ ਦੇਣ-ਵਿਧਾਇਕ ਬਿਲਾਸਪੁਰ

ਬੱਧਨੀ ਕਲਾਂ,18 ਅਗਸਤ (ਜਸ਼ਨ)-ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਖੇਡਾਂ ਵੱਲ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਕਲੱਬਾਂ ਨੂੰ ਵੀ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਸਬੰਧੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕੇ ਦੇ ਪਿੰਡ ਮੱਲੇਆਣਾ ਵਿਖੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਬੱਡੀ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਨਸ਼ਿਆਂ ਤੇ ਹੋਰ ਅਲਾਮਤਾਂ ਦੀ ਦਲਦਲ ਵਿਚ ਧਸ ਰਹੀ ਹੈ। ਇਸ ਲਈ ਸਰਕਾਰ ਨੂੰ ਵੀ ਨੌਜਵਾਨੀ ਦੇ ਭਵਿੱਖ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਉਹ ਨੌਜਵਾਨ ਖਿਡਾਰੀਆਂ ਦੇ ਵਧੇਰੇ ਸਹਿਯੋਗ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨਾਂ ਨਾਲ ਕਿਸਾਨ ਸ਼ੈਲ ਦੇ ਆਗੂ ਜਗਦੇਵ ਸਿੰਘ ਧਾਲੀਵਾਲ, ਡਾ. ਬਹਾਦਰ ਸਿੰਘ ਅਤੇ ਕਬੱਡੀ ਖਿਡਾਰੀ ਹਾਜ਼ਰ ਸਨ।


